ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਅੱਜ ਰੋਟਰੀ ਕਲੱਬ (ਨਾਰਥ), ਅੰਮ੍ਰਿਤਸਰ ਦੇ ਸਹਿਯੋਗ ਨਾਲ ਮਿਲ ਕੇ ਪੌਦਾਕਰਨ ਤਹਿਤ ‘ਪੌਦਾ ਲਗਾਓ ਮੁਹਿੰਮ’ ਦਾ ਅਗਾਜ਼ ਕੀਤਾ। ਇਸ ਬਰਸਾਤੀ ਮੌਸਮ ’ਚ ਇਹ ਮੁਹਿੰਮ ਇਸ ਸਾਲ ਦਾ ਪਹਿਲਾ ਪੌਦਾਕਰਨ ਅਭਿਆਨ ਹੈ, ਜਿਸ ਤਹਿਤ ਉਕਤ ਸੰਸਥਾਵਾਂ ਨੇ ਮਹੀਨਾ ਭਰ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਪ੍ਰਣ ਲਿਆ।
ਇਸ ਮੌਕੇ ਪੌਦਾਕਰਨ ਦੇ ਅਗਾਜ਼ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ ਅਤੇ ਹਰੇਕ ਨੂੰ ਬੂਟਾ ਲਗਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਲੀ ਲਿਆਉਣ ਲਈ ਹਰੇਕ ਨੂੰ ਘੱਟੋਂ ਘੱਟ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕ ਰੋਟਰੀ ਕਲੱਬ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀਾ।
ਉੁਨ੍ਹਾਂ ਇਸ ਮੌਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀ ਸਾਰੇ ਆਪਣੇ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਈਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਸ ਨੂੰ ਬਚਾਅ ਕੇ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਈਏ। ਉਨ੍ਹਾਂ ਕਿਹਾ ਕਿ ਪੌਦੇ ਖੁਸ਼ਹਾਲੀ, ਜ਼ਿੰਦਗੀ, ਵਿਕਾਸ ਅਤੇ ਸੁੰਦਰਤਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਪੌਦਿਆਂ ਤੋਂ ਬਿਨ੍ਹਾਂ ਕਿਸੇ ਦਾ ਵੀ ਜੀਵਨ ਸੰਭਵ ਨਹੀਂ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੌਦੇ ਸਾਡੇ ਲਈ ਆਕਸੀਜ਼ਨ ਪ੍ਰਦਾਨ ਕਰਦੇ ਹਨ, ਪਰ ਅਜੋਕੇ ਸਮੇਂ ’ਚ ਦਰੱਖਤਾਂ ਦੀ ਕਟਾਈ ਨੇ ਗਲੋਬਲ ਵਾਰਮਿੰਗ ਭਿਆਨਕ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਮਨਜੀਤਪਾਲ ਕੌਰ ਮਦਾਨ ਨੇ ਕਾਲਜ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਲੜਕੀਆਂ ਦੇ ਕਾਲਜ ਤੋਂ ਪੌਦਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ’ਚ ਸਾਨੂੰ ਬਹੁਤ ਮਾਣ ਹੈ। ਇਸ ਮੌਕੇ 50 ਵੱਖ ਵੱਖ ਕਿਸਮ ਦੇ ਪੌਦੇ ਜਿਨ੍ਹਾਂ ’ਚ ਪਪੀਤਾ, ਲੋਕਵਾਟਸ, ਅਮਰੂਦ, ਸਪੋਡੀਲਾ, ਅਮਲਤਾਸ, ਗੁਲਮੋਹਰ, ਸੁਖਚੈਨ, ਗੁਲਕੇਸ਼ੀਆ ਆਦਿ ਲਗਾਏ ਗਏ। ਇਸ ਮੌਕੇ ਪ੍ਰੋ: ਜਤਿੰਦਰ ਕੌਰ,ਪ੍ਰੋ: ਮਨਬੀਰ ਕੌਰ ਤੋਂ ਇਲਾਵਾ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਆਰ. ਐਸ. ਖਹਿਰਾ, ਕਲੱਬ ਸਕੱਤਰ ਸੁਨੀਤਾ ਭਸੀਨ, ਜ਼ਿਲਾ ਸਕੱਤਰ ਡਾ. ਜੀ. ਐਸ. ਮਦਾਨ, ਆਰ. ਐਸ. ਚੱਠਾ ਅਤੇ ਹੋਰ ਮੈਂਬਰ ਹਾਜ਼ਰ ਸਨ
